2 ਕਰੋੜ 55 ਲੱਖ ਰੁਪਏ ‘ਚ ਮਹਾਤਮਾ ਗਾਂਧੀ ਦੀਆਂ ਐਨਕਾਂ ਦੀ ਨਿਲਾਮੀ
ਲੰਡਨ/ਲੈਸਟਰ, 23 ਅਗਸਤ ( ਨਿੱਜੀ ਪੱਤਰ ਪ੍ਰੇਰਕ )
ਪੂਰਬੀ ਬ੍ਰੈਸਟਲ ਦੇ ਇਕ ਨਿਲਾਮੀ ਘਰ ‘ਚ 21 ਅਗਸਤ ਨੂੰ ਮਹਾਤਮਾ ਗਾਂਧੀ ਦੀਆਂ ਐਨਕਾਂ ਦੀ ਨਿਲਾਮੀ ਹੋਈ ਤੇ ਇਹ ਐਨਕਾਂ 2 ਕਰੋੜ 55 ਲੱਖ ਰੁਪਏ (2 ਲੱਖ 60 ਹਜ਼ਾਰ ਪੌਂਡ) ਦੀਆਂ ਵਿਕੀਆਂ। ਇਹ ਐਨਕਾਂ ਬੀਤੇ ਕੁਝ ਹਫ਼ਤੇ ਪਹਿਲਾਂ ਇਕ ਸਾਧਾਰਨ ਲਿਫ਼ਾਫ਼ੇ ‘ਚ ਨਿਲਾਮੀ ਘਰ ਦੇ ਚਿੱਠੀਆਂ ਵਾਲੇ ਡੱਬੇ ‘ਚੋਂ ਮਿਲੀਆਂ ਸਨ, ਜਿਸ ‘ਤੇ ‘ਇਹ ਮਹਾਤਮਾ ਗਾਂਧੀ ਦੀਆਂ ਐਨਕਾਂ ਹਨ’ ਲਿਖਿਆ ਹੋਇਆ ਸੀ। ਨਿਲਾਮੀਕਾਰ ਐਂਡਰਿਊ ਸਟੋਵ ਅਨੁਸਾਰ ਇਹ ਐਨਕਾਂ 10000 ਤੋਂ 15000 ਪੌਂਡ ਤੱਕ ਵਿਕਣ ਦੀ ਸੰਭਾਵਨਾ ਸੀ ਪਰ ਐਨਕਾਂ ਦੀ ਵਿਕਰੀ ਨੇ ਰਿਕਾਰਡ ਤੋੜ ਦਿੱਤਾ ਹੈ, ਜਿਸ ਨੂੰ ਇਕ ਗਾਹਕ ਨੇ 2 ਲੱਖ 60 ਹਜ਼ਾਰ ਪੌਂਡ ‘ਚ ਖ਼ਰੀਦਿਆ, ਜੋ ਨਿਰਧਾਰਿਤ ਕੀਮਤ ਤੋਂ 26 ਗੁਣਾ ਵੱਧ ਸੀ।
ਨਿਲਾਮੀ ਘਰ ਅਨੁਸਾਰ ਇਹ ਐਨਕਾਂ 1920 ‘ਚ ਮਹਾਤਮਾ ਗਾਂਧੀ ਨੇ ਉਕਤ ਪਰਿਵਾਰ ਦੇ ਮੈਂਬਰ ਨੂੰ ਦਿੱਤੀਆਂ ਸਨ, ਜੋ ਪੀੜ੍ਹੀ-ਦਰ-ਪੀੜੀ ਉਨ੍ਹਾਂ ਕੋਲ ਰਹੀਆਂ। ਨਿਲਾਮੀ ਘਰ ਅਨੁਸਾਰ ਇਹ ਮਹਾਤਮਾ ਗਾਂਧੀ ਦੇ ਉਨ੍ਹਾਂ ਦਿਨਾਂ ਦੀਆਂ ਐਨਕਾਂ ਹਨ, ਜਦੋਂ ਉਨ੍ਹਾਂ ਨਿਗ੍ਹਾ ਵਾਲੀ ਐਨਕ ਲਗਾਉਣੀ ਸ਼ੁਰੂ ਕੀਤੀ। ਸਟੋਵ ਅਨੁਸਾਰ ਬਹੁਤ ਸਾਰੇ ਲੋਕਾਂ ਨੇ ਐਨਕ ‘ਚ ਦਿਲਚਸਪੀ ਵਿਖਾਈ ਤੇ ਖ਼ਾਸ ਤੌਰ ‘ਤੇ ਭਾਰਤ ਤੋਂ ਇਲਾਵਾ ਕਤਰ, ਕੈਨੇਡਾ ,ਅਮਰੀਕਾ, ਰੂਸ, ਆਦਿ ਦੇਸ਼ਾਂ ਤੋਂ ਨਿਲਾਮੀ ਲਈ ਬੋਲੀ ਲਗਾਈ।