ਸੈਲਾਨੀਆਂ ਲਈ ਕੈਨੇਡਾ ਸਰਕਾਰ ਵਲੋਂ ਵਰਕ ਪਰਮਿਟ ਦਾ ਐਲਾਨ

ਟੋਰਾਂਟੋ/ਐਡਮਿੰਟਨ, 26 ਅਗਸਤ (ਨਿੱਜੀ ਪੱਤਰ ਪ੍ਰੇਰਕ )
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਐਲਾਨ ਕੀਤਾ ਹੈ ਕਿ 24 ਅਗਸਤ 2020 ਤੱਕ ਦੇਸ਼ ‘ਚ ਮੌਜੂਦ ਵਿਦੇਸ਼ੀ ਸੈਲਾਨੀ ਵਰਕ ਪਰਮਿਟ ਅਪਲਾਈ ਕਰ ਸਕਦੇ ਹਨ | ਇਸ ‘ਚ ‘ਸੁਪਰ ਵੀਜ਼ਾ’ ਅਤੇ ‘ਬਿਜ਼ਨਸ ਵੀਜ਼ਾ’ ‘ਤੇ ਕੈਨੇਡਾ ਗਏ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਕੋਰੋਨਾ ਵਾਇਰਸ ਦੀਆਂ ਰੁਕਾਵਟਾਂ ਕਾਰਨ ਬੀਤੇ ਕੁਝ ਮਹੀਨਿਆਂ ਤੋਂ ਬਹੁਤ ਸਾਰੇ ਸੈਲਾਨੀ ਕੈਨੇਡਾ ‘ਚ ਹੀ ਹਨ ਅਤੇ ਉਨ੍ਹਾਂ ਨੂੰ ਆਪਣੀ ਸਟੇਅ ਦੀ ਮਿਆਦ ਵੀ ਵਧਾਉਣੀ ਪਈ | ਮੰਤਰੀ ਮੈਂਡੀਚੀਨੋ ਨੇ ਆਖਿਆ ਹੈ ਕਿ ਕੋਰੋਨਾ ਵਾਇਰਸ ਕਾਰਨ ਕੈਨੇਡਾ ‘ਚ ਚੱਲ ਰਹੀ ਕਾਮਿਆਂ ਦੀ ਘਾਟ ਪੂਰੀ ਕਰਨ ਅਤੇ ਕੈਨੇਡਾ ‘ਚ ਕੰਮ ਕਰਨ ਦੇ ਚਾਹਵਾਨਾਂ ਲਈ ਇਹ ਆਰਜ਼ੀ ਕਦਮ ਉਠਾਇਆ ਜਾ ਰਿਹਾ ਹੈ | ਇਹ ਵੀ ਕਿ ਜੋ ਵਿਅਕਤੀ ਪਿਛਲੇ ਹਫ਼ਤਿਆਂ ਦੌਰਾਨ ਵਿਸ਼ੇਸ਼ ਉਡਾਨਾਂ ਰਾਹੀਂ ਆਪਣੇ ਦੇਸ਼ਾਂ ਨੂੰ ਚਲੇ ਗਏ ਹਨ, ਉਹ ਵਾਪਸ ਕੈਨੇਡਾ ਪੁੱਜ ਕੇ ਵਰਕ ਪਰਮਿਟ ਨਹੀਂ ਲੈ ਸਕਦੇ ਭਾਵੇਂ ਕਿ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਅਜੇ ਬਾਕੀ ਹੋਵੇ |

ਨਵਾਂ ਪ੍ਰੋਗਰਾਮ ਸਿਰਫ਼ ਉਨ੍ਹਾਂ ਲੋਕਾਂ ਲਈ ਤਿਆਰ ਕੀਤਾ ਗਿਆ ਹੈ ਜੋ ਕੈਨੇਡਾ ‘ਚ ਹਾਜ਼ਰ ਹਨ ਅਤੇ ਉਨ੍ਹਾਂ ਦੇ ਸਟੇਅ ਦੀ ਮਿਆਦ ਖ਼ਤਮ ਨਹੀਂ ਹੋਈ| ਇਸ ਦਾ ਭਾਵ ਹੈ ਕਿ 24 ਅਗਸਤ ਤੋਂ ਬਾਅਦ ਕੈਨੇਡਾ ਪੁੱਜਣ ਵਾਲੇ ਸੈਲਾਨੀ ਇਹ ਵਰਕ ਪਰਮਿਟ ਲੈਣ ਦੇ ਯੋਗ ਨਹੀਂ ਹੋਣਗੇ | ਵਰਕ ਪਰਮਿਟ ਦੀ ਅਰਜ਼ੀ ਨਾਲ ‘ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ’ (ਐਲ.ਐਮ.ਆਈ.ਏ) ਹੋਣਾ ਜ਼ਰੂਰੀ ਹੈ¢ ਇਸ ਤੋਂ ਇਲਾਵਾ ਮੈਡੀਕਲ ਅਤੇ ਸੁਰੱਖਿਆ ਜਾਂਚ ‘ਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ | ਅਜਿਹੇ ਵਰਕ ਪਰਮਿਟ ਨਾਲ ਉਸ ਕਾਰੋਬਾਰ ‘ਚ ਹੀ ਨੌਕਰੀ ਕੀਤੀ ਜਾ ਸਕਦੀ ਹੈ, ਜਿਸ ਤੋਂ ਐਲ.ਐਮ.ਆਈ.ਏ. ਪ੍ਰਾਪਤ ਕੀਤੀ ਹੋਵੇ¢ ਨੌਕਰੀ ਬਦਲਣ ਵਾਸਤੇ ਨਵੀਂ ਐਲ.ਐਮ.ਆਈ.ਏ. ਜ਼ਰੂਰੀ ਹੋਵੇਗੀ |

ਇਮੀਗ੍ਰੇਸ਼ਨ ਮੰਤਰਾਲੇ ਦੇ ਇਕ ਵੱਖਰੇ ਐਲਾਨ ਅਨੁਸਾਰ ਕੈਨੇਡਾ ‘ਚ ਵਿਆਹ ਕਰਵਾ ਕੇ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਵਾਲੇ ਵਿਆਂਹਦੜਾਂ ਨੂੰ ਕੇਸ ਦਾ ਫ਼ੈਸਲਾ ਹੋਣ ਤੱਕ ਵਰਕ ਪਰਮਿਟ ਮਿਲਣਾ ਜਾਰੀ ਰਹੇਗਾ | ਵਰਕ ਪਰਮਿਟ ਦਾ ਇਹ ਪਾਇਲਟ ਪ੍ਰੋਗਰਾਮ ਉਨ੍ਹਾਂ ਪਤੀ ਜਾਂ ਪਤਨੀ ਵਾਸਤੇ ਹੈ ਜੋ ਕੈਨੇਡਾ ‘ਚ ਹਨ ਅਤੇ ਉੱਥੇ ਪੱਕੀ ਇਮੀਗ੍ਰੇਸ਼ਨ ਦੀ ਅਰਜ਼ੀ ਲਗਾਈ ਜਾ ਰਹੀ ਹੋਵੇ |

Leave a Reply

Your email address will not be published. Required fields are marked *