ਸਿੱਧੂ ਮੂਸੇਵਾਲਾ ਦੀ ਰੀਸ ਕਰਦੇ , ਨਕਲੀ ਬੰਦੂਕਾਂ ਫੜ ਕੇ ਟਿਕਟੋਕ ਬਣਾਉਂਦੇ 12 ਨੌਜਵਾਨ ਸਰੀ ਪੁਲੀਸ ਨੇ ਫੜੇ

ਵੈਨਕੂਵਰ, 24 ਜੁਲਾਈ (ਨਿੱਜੀ ਪੱਤਰ ਪ੍ਰੇਰਕ )

ਕੈਨੇਡਾ ਦੇ ਸ਼ਹਿਰ ਸਰੀ ‘ਚ ਪੁਲੀਸ ਨੇ ਪਾਰਕ ਵਿਚ ਸਪੋਰਟਸ ਕਾਰਾਂ ਦੀਆਂ ਰੇਸਾਂ ਅਤੇ ਨਕਲੀ ਬੰਦੂਕਾਂ ਨਾਲ ਫਾਇਰ ਕਰ ਕੇ ਵੀਡੀਓ ਬਣਵਾ ਰਹੇ 12 ਪੰਜਾਬੀ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਦੋਂ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਗਾਇਕ ਸਿੱਧੂ ਮੂਸੇਵਾਲਾ ਦੀ ਰੀਸ ਕਰ ਰਹੇ ਨੌਜਵਾਨਾਂ ਨੇ ਭੱਜਣ ਦੇ ਯਤਨ ਕੀਤੇ ਪਰ ਪੁਲੀਸ ਦੀ ਵੱਡੀ ਨਫ਼ਰੀ ਨੇ ਸਾਰਿਆਂ ਨੂੰ ਫੜ ਲਿਆ। ਦੱਸਣਯੋਗ ਹੈ ਕਿ ਪੁਲੀਸ ਨੇ ਅਸਲੀ ਬੰਦੂਕਾਂ ਦੇ ਭੁਲੇਖੇ ਨੌਜਵਾਨਾਂ ਉੱਤੇ ਗੋਲੀਆਂ ਨਹੀਂ ਚਲਾਈਆਂ, ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ।

ਪੁੱਛ-ਗਿੱਛ ’ਚ ਪਤਾ ਲੱਗਾ ਕਿ ਨੌਜਵਾਨਾਂ ਨੇ ਚੱਲਦੀਆਂ ਗੋਲੀਆਂ ਤੇ ਭੱਜਦੀਆਂ ਕਾਰਾਂ ਵਾਲੀ ਵੀਡੀਓ ਬਣਾ ਕੇ ਟਿਕਟੌਕ ਉੱਤੇ ਅਪਲੋਡ ਕਰਨੀ ਸੀ। ਨਗਰ ਕੌਂਸਲ ਨਿਯਮਾਂ ਮੁਤਾਬਕ ਕੋਲ ਬਰੁੱਕ ਰੋਡ ਲਾਗੇ ਬਣੇ ਪਾਰਕ ਦੀ ਦੁਰਵਰਤੋਂ ਬਦਲੇ ਫੜੇ ਗਏ ਹਰੇਕ ਨੌਜਵਾਨ ਨੂੰ 200 ਡਾਲਰ ਜੁਰਮਾਨਾ ਦੇਣਾ ਪਵੇਗਾ। ਬੇਸ਼ੱਕ ਪੁਲੀਸ ਨੇ ਉਹਨਾਂ ਦੀ ਪਛਾਣ ਨਸ਼ਰ ਨਹੀਂ ਕੀਤੀ ਹੈ ਪਰ ਵਾਇਰਲ ਹੋਈ ਵੀਡੀਓ ਵਿਚ ਉਹ ਪੰਜਾਬੀ ਬੋਲਦੇ ਦਿਖਾਈ ਦਿੰਦੇ ਹਨ। ਸੂਤਰਾਂ ਨੇ ਕਿਹਾ ਕਿ ਨੌਜਵਾਨਾਂ ਦੇ ਨਾਂ ਪੁਲੀਸ ਰਿਕਾਰਡ ਵਿਚ ਆਉਣ ਕਾਰਨ ਉਨ੍ਹਾਂ ਦੇ ਪੱਕੇ ਹੋਣ ਦੇ ਰਾਹ ਬੰਦ ਹੋ ਸਕਦੇ ਹਨ। ਫੜੇ ਗਏ 12 ’ਚੋਂ 10 ਵਿਦਿਆਰਥੀ ਵੀਜ਼ੇ ਵਾਲੇ ਹਨ।

Leave a Reply

Your email address will not be published. Required fields are marked *