ਮੋਗਾ ਸਕੱਤਰੇਤ ’ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਮੁਲਜ਼ਮ ਦਿੱਲੀ ਪੁਲੀਸ ਨੇ ਕੀਤੇ ਗ੍ਰਿਫਤਾਰ

ਮੋਗਾ, 30 ਅਗਸਤ ਨਿੱਜੀ ਪੱਤਰ ਪ੍ਰੇਰਕ

14 ਅਗਸਤ ਨੂੰ ਜ਼ਿਲ੍ਹਾ ਸਕੱਤਰੇਤ (ਮੋਗਾ) ਦੀ ਇਮਾਰਤ ਉੱਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਅਤੇ ਤਿਰੰਗੇ ਦੀ ਬੇਅਦਬੀ ਕਰਨ ਦੇ ਮਾਮਲੇ ’ਚ ਨਾਮਜ਼ਦ ਮੁਲਜ਼ਮਾਂ ਜਸਪਾਲ ਸਿੰਘ ਉਰਫ਼ ਰਿੰਪਾਂ ਤੇ ਇੰਦਰਜੀਤ ਸਿੰਘ ਗਿੱਲ ਨੂੰ ਦਿੱਲੀ ਪੁਲੀਸ ਦੇ ਨੇ ਕਾਬੂ ਕਰ ਲਿਆ ਹੈ। ਦਿੱਲੀ ਪੁਲੀਸ ਦੀ ਸੂਚਨਾ ਉੱਤੇ ਮੋਗਾ ਦੇ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲੀਸ ਟੀਮ ਦੋਵਾਂ ਮੁਲਜ਼ਮਾਂ ਨੂੰ ਪੰਜਾਬ ਲਿਆਉਣ ਲਈ ਦਿੱਲੀ ਵੱਲ ਰਵਾਨਾ ਹੋ ਗਈ ਹੈ।

ਐੱਸ .ਪੀ. ਜਗਤਪ੍ਰੀਤ ਸਿੰਘ ਨੇ ਦੋਵਾਂ ਮੁਲਜ਼ਮਾਂ ਜਸਪਾਲ ਸਿੰਘ ਉਰਫ਼ ਰਿੰਪਾਂ ਤੇ ਇੰਦਰਜੀਤ ਸਿੰਘ ਗਿੱਲ ਦੋਵੇਂ ਪਿੰਡ ਰੌਲੀ (ਮੋਗਾ) ਨੂੰ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ। ਝੰਡਾ ਝੁਲਾਉਣ ਦੀ ਪ੍ਰਕਿਰਿਆ ਦੀ ਵੀਡੀਓ ਬਣਾਉਣ ਵਾਲਾ ਅਕਾਸ਼ਦੀਪ ਸਿੰਘ (19) ਪਿੰਡ ਸਾਧੂਵਾਲਾ (ਜੀਰਾ) ਨੂੰ ਪੁਲੀਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ 27 ਅਗਸਤ ਨੂੰ ਉਸ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਉਸ ਨੂੰ ਅਦਾਲਤ ’ਚ ਨਿਆਂਇਕ ਹਿਰਾਸਤ ਵਿੱਚ ਜੇਲ ਭੇਜ ਦਿੱਤਾ ਸੀ। ਪੁਲੀਸ ਮੁਤਾਬਕ ਦੋਵੇਂ ਮੁਲਜ਼ਮ ਪਿੰਡ ਰੌਲੀ ਵਿਖੇ ਇੰਟਰਨੈੱਟ ਤੇ ਫ਼ੋਟੋ ਸਟੇਟ ਸੇਵਾਵਾਂ ਦਾ ਕੰਮ ਕਰਦੇ ਸਨ। ਵੀਡੀਓ ਬਣਾਉਣ ਵਾਲਾ ਅਕਾਸ਼ਦੀਪ ਸਿੰਘ ਤੇ ਰਿੰਪਾ ਮਾਮੇ-ਭੂਆ ਦੇ ਪੁੱਤ ਹਨ। ਦੋਵਾਂ ਮੁਲਜ਼ਮਾਂ ਨੇ 13 ਅਗਸਤ ਨੂੰ ਪਹਿਲਾਂ ਸਕੱਤਰੇਤ ਦੀ ਦੇਖ -ਰੇਖ ਕੀਤੀ ਅਤੇ 14 ਅਗਸਤ ਨੂੰ ਝੰਡਾ ਝੁਲਾਉਣ ਮਗਰੋਂ ਅਕਾਸ਼ਦੀਪ ਨੇ ਵੀਡੀਓ ਮੁਲਜ਼ਮ ਰਿੰਪਾ ਨੂੰ ਸੌਪ ਦਿੱਤੀ। ਇਸ ਮਗਰੋਂ ਦੋਵੇਂ ਮੁਲਜ਼ਮ ਫਰਾਰ ਹੋ ਗਏ ਸਨ। ਸੂਤਰਾਂ ਮੁਤਾਬਕ 16 ਅਗਸਤ ਨੂੰ ਮੋਗਾ ਦੇ ਇੱਕ ਪੁਲੀਸ ਅਫ਼ਸਰ ਨੇ ਇਨ੍ਹਾਂ ਮੁਲਜ਼ਮਾਂ ਦਾ ਪਤਾ ਲਗਾ ਕੇ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ। ਮੁਲਜ਼ਮਾਂ ਦੀ ਸੂਹ ਮਿਲਣ ਮਗਰੋਂ ਐੱਸ.ਐੱਸ.ਪੀ. ਹਰਮਨਬੀਰ ਗਿੱਲ ਨੇ ਐੱਸਪੀ ਜਗਤਪ੍ਰੀਤ ਸਿੰਘ ਤੇ ਡੀਐੱਸਪੀ ਜੰਗਜੀਤ ਸਿੰਘ ਰੰਧਾਵਾ ਨੂੰ ਪੜਤਾਲ ਲਈ ਸਿਵਲ ਵਰਦੀ ’ਚ ਮੋਟਰਸਾਈਕਲ ਉੱਤੇ ਪਿੰਡ ਰੌਲੀ ਭੇਜਿਆ ਪੁੱਛ -ਪੜਤਾਲ ਦੌਰਾਨ ਅਕਾਸ਼ਦੀਪ ਨੇ ਵੀਡੀਓ ਬਣਾਉਣ ਦੀ ਗਲਤੀ ਕਬੂਲ ਲਈ । ਦਿੱਲੀ ਪੁਲੀਸ ਦੇ ਵਿਸੇਸ਼ ਸੈੱਲ ਨੇ ਹੁਣ ਦੋਵਾਂ ਮੁੱਖ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਚੇਤੇ ਰਹੇ ਕਿ ਇਹਨਾਂ ਮੁਲਜ਼ਮਾਂ ਦੀ ਸੂਹ ਦੇਣ ਵਾਲੇ ਨੂੰ 50 ਹਜ਼ਾਰ ਰੁਪਏ ਦੇਣ ਦਾ ਇਨਾਮ ਜ੍ਹਿਲਾ ਪੁਲਿਸ ਵਲੋਂ ਰੱਖਿਆ ਗਿਆ ਸੀ |

Leave a Reply

Your email address will not be published. Required fields are marked *