ਪੀ.ਟੀ.ਸੀ. ਪੰਜਾਬੀ ਦੁਆਰਾ ਪਹਿਲੀ ਵਾਰ ਆਨਲਾਈਨ ਹੋਇਆ ਫ਼ਿਲਮ ਪੁਰਸਕਾਰ ਸਮਾਰੋਹ

ਜਲੰਧਰ, 5 ਜੁਲਾਈ (ਨਿੱਜੀ ਪੱਤਰ ਪ੍ਰੇਰਕ ) – ਪੀ.ਟੀ.ਸੀ. ਪੰਜਾਬੀ ਦੁਆਰਾ ਬੀਤੀ ਰਾਤ 10ਵਾਂ ਪੀ.ਟੀ.ਸੀ. ਪੰਜਾਬੀ ਫ਼ਿਲਮ ਪੁਰਸਕਾਰ ਸਮਾਰੋਹ ਕਰਵਾਇਆ ਗਿਆ, ਜਿਸ ‘ਚ ਸਾਲ 2019 ਦੀਆਂ ਸਰਬੋਤਮ ਪੰਜਾਬੀ ਫ਼ਿਲਮਾਂ ਅਤੇ ਉਨ੍ਹਾਂ ਦੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ | ਬੀਤੀ ਰਾਤ ਕਰਵਾਏ ਇਸ ਸਮਾਰੋਹ ਨੂੰ ਦਿਵਿਆ ਦੱਤਾ, ਗੁਰਪ੍ਰੀਤ ਘੁੱਗੀ ,ਗੁਰਨਾਮ ਭੁੱਲਰ, ਹਰੀਸ਼ ਵਰਮਾ ਤੇ ਮੈਂਡੀ ਤੱਖਰ ਵਲੋਂ ਪੇਸ਼ ਕੀਤਾ ਗਿਆ | 29 ਮਈ ਤੋਂ ਪੀ.ਟੀ.ਸੀ. ਪੰਜਾਬੀ ਨੇ ਪੁਰਸਕਾਰਾਂ ਦੇ ਲਈ ਵੋਟਿੰਗ ਦਾ ਕੰਮ ਸ਼ੁਰੂ ਕੀਤਾ ਸੀ | ਇਹ ਇਸ ਤਰ੍ਹਾਂ ਦਾ ਪਹਿਲਾ ਮੌਕਾ ਸੀ, ਜਦੋਂ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਸ ਤਰ੍ਹਾਂ ਦਾ ਸਮਾਰੋਹ ਆਨਲਾਈਨ ਕਰਵਾਇਆ ਗਿਆ ਹੋਵੇ |

ਇਸ ਦੌਰਾਨ ਸਰਬੋਤਮ ਫ਼ਿਲਮ ਦਾ ਪੁਰਸਕਾਰ ਗਿੱਪੀ ਗਰੇਵਾਲ ਵਲੋਂ ਨਿਰਦੇਸ਼ਿਤ ਅਤੇ ਗੁਰਪ੍ਰੀਤ ਘੁੱਗੀ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਅਰਦਾਸ ਕਰਾਂ’ ਨੂੰ ਮਿਲਿਆ | ਦਿਲਜੀਤ ਦੁਸਾਂਝ ਅਤੇ ਗੁਰਪ੍ਰੀਤ ਘੁੱਗੀ ਨੂੰ ਕ੍ਰਮਵਾਰ ‘ਛੜਾ’ ਅਤੇ ‘ਅਰਦਾਸ ਕਰਾਂ’ ਫ਼ਿਲਮ ਲਈ ਸਰਬੋਤਮ ਅਦਾਕਾਰ ਦਾ ਪੁਰਸਕਾਰ ਸਾਂਝੇ ਤੌਰ ‘ਤੇ ਦਿੱਤਾ ਗਿਆ | ਫ਼ਿਲਮ ‘ਅਰਦਾਸ ਕਰਾਂ’ ਸਭ ਤੋਂ ਵੱਧ ਪੁਰਸਕਾਰ ਹਾਸਲ ਕਰਨ ਵਾਲੀ ਫ਼ਿਲਮ ਬਣੀ ਅਤੇ ਇਸ ਨੂੰ ਕੁੱਲ 6 ਪੁਰਸਕਾਰ ਮਿਲੇ | ‘ਚੱਲ ਮੇਰਾ ਪੁੱਤ’ ਸਰਬੋਤਮ ਕਾਮੇਡੀ ਫ਼ਿਲਮ ਚੁਣੀ ਗਈ ਅਤੇ ਇਸ ਦੇ ਨਿਰਦੇਸ਼ਕ ਜਨਜੋਤ ਸਿੰਘ ਨੂੰ ਸਰਬੋਤਮ ਡੇਬਿਊ ਨਿਰਦੇਸ਼ਕ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ | ਇਸ ਤੋਂ ਇਲਾਵਾ ‘ਅੜ੍ਹਬ ਮੁਟਿਆਰਾਂ’ ਲਈ ਬਿਹਤਰੀਨ ਅਦਾਕਾਰੀ ਕਰਨ ਲਈ ਸੋਨਮ ਬਾਜਵਾ ਨੂੰ ਸਰਬੋਤਮ ਅਦਾਕਾਰਾ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ | ‘ਸਿਕੰਦਰ-2’ ਸਭ ਤੋਂ ਵੱਧ 13 ਵਾਰ ਨਾਮਜ਼ਦ ਹੋਈ |

Leave a Reply

Your email address will not be published. Required fields are marked *