ਜਲੰਧਰ ਦੇ ਸਿਵਲ ਹਸਪਤਾਲ ‘ਚੋਂ ਚੋਰੀ ਹੋਇਆ ਬੱਚਾ ਬਰਾਮਦ , 5 ਵਿਅਕਤੀਆਂ ਨੂੰ ਕੀਤਾ ਗਿ੍ਫ਼ਤਾਰ

ਜਲੰਧਰ, 23 ਅਗਸਤ ( ਨਿੱਜੀ ਪੱਤਰ ਪ੍ਰੇਰਕ )

ਜਲੰਧਰ ਦੇ ਸਿਵਲ ਹਸਪਤਾਲ ‘ਚੋਂ ਬੀਤੇ ਦਿਨ ਅਗਵਾ ਹੋਏ ਨਵਜਨਮੇ ਬੱਚੇ ਨੂੰ ਬਰਾਮਦ ਕਰਕੇ ਕਮਿਸ਼ਨਰੇਟ ਪੁਲਿਸ ਨੇ ਵਾਰਸਾਂ ਨੂੰ ਸੌਪ ਦਿੱਤਾ ਹੈ | ਇਸ ਤੋਂ ਇਲਾਵਾ ਇਸ ਮਾਮਲੇ ਨੂੰ ਹੱਲ ਕਰਦੇ ਹੋਏ ਪੁਲਿਸ ਨੇ ਇਕ ਪੰਚਾਇਤ ਮੈਂਬਰ ਅਤੇ ਸਿਵਲ ਹਸਪਤਾਲ ਦੀ ਮਹਿਲਾ ਸਫ਼ਾਈ ਕਰਮਚਾਰੀ ਸਮੇਤ 5 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਗੁਰਮੀਤ ਸਿੰਘ ਗੋਪੀ ਪੰਚਾਇਤ ਮੈਂਬਰ ਪਿੰਡ ਮਹੇੜੂ, ਗੁਰਪ੍ਰੀਤ ਸਿੰਘ ਪੀਤਾ , ਰਣਜੀਤ ਸਿੰਘ ਰਾਣਾ, ਦਵਿੰਦਰ ਕੌਰ ਖ਼ੁਰਸੈਦਪੁਰ ਕਲੋਨੀ, ਨਕੋਦਰ ਅਤੇ ਕਿਰਨ ਲੰਮਾ ਪਿੰਡ ਵਜੋਂ ਹੋਈ ਹੈ |

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕਬੀਰ ਵਿਹਾਰ ਦੀ ਰਹਿਣ ਵਾਲੀ ਖੁਸ਼ਬੂ ਦੇਵੀ ਪਤਨੀ ਦੀਪਕ ਆਪਣੇ ਪਤੀ ਅਤੇ ਸੱਸ ਜੈਅੰਤੀ ਦੇਵੀ ਦੇ ਨਾਲ ਦੁਪਹਿਰ 11 ਵਜੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ‘ਚ ਜਨੇਪੇ ਲਈ ਪਹੁੰਚੀ ਸੀ | ਕਰੀਬ 2 ਘੰਟੇ ਬਾਅਦ ਡਾਕਟਰਾਂ ਨੇ ਖੁਸ਼ਬੂ ਦੇਵੀ ਦਾ ਆਪ੍ਰੇਸ਼ਨ ਕੀਤਾ ਅਤੇ ਉਸ ਨੇ ਇਕ ਲੜਕੇ ਨੂੰ ਜਨਮ ਦਿੱਤਾ | ਹਸਪਤਾਲ ਦੇ ਸਟਾਫ਼ ਨੇ ਬੱਚਾ ਜੈਅੰਤੀ ਦੇਵੀ ਨੂੰ ਸੌਾਪ ਕੇ ਨਵਜਨਮੇ ਬੱਚਿਆਂ ਦੀ ਦੇਖਭਾਲ ਲਈ ਬਣੇ ਵਾਰਡ ‘ਚ ਰੱਖਣ ਲਈ ਕਿਹਾ ਅਤੇ ਫਾਇਲ ਬਣਾਉਣ ਲਈ ਭੇਜ ਦਿੱਤਾ | ਜਦੋਂ ਜੈਅੰਤੀ ਦੇਵੀ ਵਾਪਸ ਪਰਤੀ ਤਾਂ ਬੱਚਾ ਗਾਇਬ ਸੀ |

ਸ. ਭੁੱਲਰ ਨੇ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏ.ਡੀ.ਸੀ.ਪੀ. (ਸਿਟੀ-1) ਸ੍ਰੀਮਤੀ ਵਤਸਲਾ ਗੁਪਤਾ ਅਤੇ ਏ.ਸੀ.ਪੀ. ਕੇਂਦਰੀ ਹਰਸਿਮਰਤ ਸਿੰਘ ਛੇਤਰਾ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਮੁਖੀ ਹਰਮਿੰਦਰ ਸਿੰਘ ਸੈਣੀ ਅਤੇ ਥਾਣਾ ਡਵੀਜ਼ਨ ਨੰਬਰ 4 ਦੇ ਮੁਖੀ ਰਛਪਾਲ ਸਿੰਘ ਦੀ ਅਗਵਾਈ ਹੇਠ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਨੇ ਬੀਤੀ ਰਾਤ ਬੱਚਾ ਬਰਾਮਦ ਕਰਕੇ ਪਰਿਵਾਰ ਨੂੰ ਸੌਪ ਦਿੱਤਾ ਹੈ ਅਤੇ ਅਗਵਾ ਦੇ ਮਾਮਲੇ ਨੂੰ ਹੱਲ ਕਰਦੇ ਹੋਏ ਸ਼ਾਮਲ ਮੁਲਾਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

Leave a Reply

Your email address will not be published. Required fields are marked *