ਜਨਮ ਕਾਂਗਰਸ ਪਾਰਟੀ ‘ਚ ਹੋਇਆ ਅਤੇ ਆਖ਼ਰੀ ਸਾਹ ਵੀ ਇਸੇ ਪਾਰਟੀ ਵਿਚ ਲੈਣਗੇ : ਰਜਿੰਦਰ ਕੌਰ ਭੱਠਲ
ਚੰਡੀਗੜ੍ਹ , 27 ਅਗਸਤ (ਨਿੱਜੀ ਪੱਤਰ ਪ੍ਰੇਰਕ )
ਪੰਜਾਬ ਦੇ ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜਨਮ ਕਾਂਗਰਸ ਪਾਰਟੀ ‘ਚ ਹੋਇਆ ਹੈ ਅਤੇ ਉਹ ਆਖ਼ਰੀ ਸਾਹ ਵੀ ਇਸੇ ਪਾਰਟੀ ਵਿਚ ਲੈਣਗੇ | ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਲਈ 4 ਸਾਲ ਦੀ ਬੱਚੀ, 90 ਸਾਲ ਦੇ ਪਿਤਾ ਅਤੇ ਸਹੁਰੇ ਸਮੇਤ ਤਿੰਨ ਮਹੀਨੇ ਦੀ ਜੇਲ੍ਹ ਕੱਟ ਚੁੱਕੇ ਹਨ ਅਤੇ ਕਿਸੇ ਵੇਲੇ ਮੁਰਾਰਜੀ ਦਿਸਾਈ ਵਲੋਂ ਉਨ੍ਹਾਂ ਨੂੰ ਸੂਬੇ ਦੀ ਮੁੱਖ ਸੱਤਾ ਵਿਚ ਲਿਆਉਣ ਸਬੰਧੀ ਪੇਸ਼ਕਸ਼ ਵੀ ਕੀਤੀ ਗਈ ਸੀ ਪਰ ਉਨ੍ਹਾਂ ਇਹ ਪੇਸ਼ਕਸ਼ ਠੁਕਰਾ ਕੇ ਇੰਦਰਾ ਗਾਂਧੀ ਲਈ ਜੇਲ੍ਹ ਜਾਣ ਦਾ ਫ਼ੈਸਲਾ ਲਿਆ |
ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਸੁਝਾਅ ਭੇਜਦੇ ਰਹਿੰਦੇ ਹਨ ਅਤੇ ਹੁਣ ਕੋਰੋਨਾ ਮਹਾਂਮਾਰੀ ਕਾਰਨ ਨਿੱਜੀ ਪੱਧਰ ‘ਤੇ ਮੇਲ ਨਾ ਹੋ ਸਕਣ ਦੇ ਚੱਲਦਿਆਂ ਉਨ੍ਹਾਂ ਸੋਨੀਆ ਗਾਂਧੀ ਨੂੰ ਚਿੱਠੀ ਦੇ ਰੂਪ ਵਿਚ ਆਪਣੇ ਸੁਝਾਅ ਭੇਜੇ ਸਨ ਜਿਸ ਨੂੰ ਗ਼ਲਤ ਰੰਗਤ ਦੇ ਦਿੱਤੀ ਗਈ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕਾਂਗਰਸ ਪਾਰਟੀ ਦੇ ਕੌਮੀ ਅਤੇ ਰਾਜ ਪੱਧਰੀ ਲੀਡਰਸ਼ਿਪ ਵਲੋਂ ਪਾਰਟੀ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੀ ਅਗਵਾਈ ਹੇਠ ਵਰਕਿੰਗ ਗਰੁੱਪ ਬਣਾਉਣ ਦੇ ਦਿੱਤੇ ਸੁਝਾਅ ਨੂੰ ਗ਼ਲਤ ਸਮਝ ਲਿਆ ਗਿਆ |
ਉਨ੍ਹਾਂ ਕਿਹਾ ਕਿ ਮੇਰੀ ਕਾਂਗਰਸ, ਗਾਂਧੀ-ਨਹਿਰੂ ਪ੍ਰਤੀ ਵਫ਼ਾ ਪਾਰਟੀ ਦੇ ਅੰਦਰ ਅਤੇ ਪਾਰਟੀ ਤੋਂ ਬਾਹਰ ਕਿਸੇ ਤੋਂ ਛੁਪੀ ਨਹੀਂ, ਕਿਉਂਕਿ ਮੈਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਮਾਲ ਦੀ ਪ੍ਰਵਾਹ ਕੀਤੇ ਬਿਨਾਂ ਹਮੇਸ਼ਾ ਪਾਰਟੀ ਅਤੇ ਗਾਂਧੀ ਪਰਿਵਾਰ ਨਾਲ ਚਟਾਨ ਵਾਂਗ ਖੜ੍ਹੀ ਰਹੀ ਹਾਂ |