ਗਰੋਸਰੀ ਸਟੋਰ ਖੁੱਲ੍ਹਣ ਮੌਕੇ ਪੰਜਾਬੀਆਂ ‘ਚ ਮੱਚੀ ਹਫ਼ੜਾ ਦਫ਼ੜੀ
ਕੈਲਗਰੀ, 23 ਅਗਸਤ ( ਨਿੱਜੀ ਪੱਤਰ ਪ੍ਰੇਰਕ )
ਇਕ ਪੰਜਾਬੀ ਵਲੋਂ ਖੋਲ੍ਹੇ ਗਏ ਨਵੇਂ ਗਰੋਸਰੀ ਸਟੋਰ ‘ਚ ਪੇਸ਼ਕਸ਼ ਅਨੁਸਾਰ ਮੁਫ਼ਤ ਚੀਜ਼ਾਂ ਲੈਣ ਲਈ ਪੰਜਾਬੀਆਂ ਨੇ ਗਾਹ ਪਾ ਦਿੱਤਾ | ਦਰਅਸਲ ਖੁੱਲੇ ਨਵੇਂ ਗਰੋਸਰੀ ਸਟੋਰ ਵਾਲਿਆਂ ਨੇ ਇਸ਼ਤਿਹਾਰ ਦੇ ਕੇ ਕਿਹਾ ਸੀ ਕਿ ਉਹ ਪਹਿਲੇ ਦਿਨ ਸਟੋਰ ਦੇ ਉਦਘਾਟਨ ਮੌਕੇ ‘ਪਹਿਲਾ ਆਓ, ਪਹਿਲਾ ਪਾਓ’ ਦੀ ਸ਼ਰਤ ‘ਤੇ ਕੁਝ ਲੋਕਾਂ ਨੂੰ ਮੁਫ਼ਤ ‘ਚ ਕੁਝ ਸਾਮਾਨ ਦੇਣ ਜਾ ਰਹੇ ਹਨ | ਬੱਸ ਫਿਰ ਕੀ ਸੀ ਵੇਖਦਿਆਂ ਹੀ ਵੇਖਦਿਆਂ ਸਟੋਰ ਖੁੱਲ੍ਹਣ ਮੌਕੇ ਹਫ਼ੜਾ ਦਫ਼ੜੀ ਮੱਚ ਗਈ | ਕੋਰੋਨਾ ਦੇ ਇਸ ਦੌਰ ‘ਚ ਭੈਅ ਖਾਂਦਿਆਂ ਕਿਸੇ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ | ਮੌਕੇ ‘ਤੇ ਪਹੁੰਚੀ ਪੁਲਿਸ ਨੇ ਭੀੜ ਨੂੰ ਖਿੰਡਾਇਆ ਅਤੇ ਸਟੋਰ ਬੰਦ ਕਰਵਾ ਦਿੱਤਾ |
ਭਾਵੇਂ ਕਈਆਂ ਨੇ ਮਾਸਕ ਪਾਏ ਹੋਏ ਸਨ ਪਰ ਸਮਾਜਿਕ ਦੂਰੀ ਦਾ ਬਿਲਕੁੱਲ ਵੀ ਖ਼ਿਆਲ ਨਹੀਂ ਰੱਖਿਆ ਗਿਆ | ਪੁਲਿਸ ਦੇ ਕਾਰਜਕਾਰੀ ਸਰਜੈਂਟ ਟੋਨੀ ਐਲਨ ਨੇ ਕਿਹਾ ਕਿ ਅਸੀਂ ਸਥਿਤੀ ‘ਤੇ ਕਾਬੂ ਪਾ ਲਿਆ ਹੈ ਅਤੇ ਸਟੋਰ ਨੇ ਉਦਘਾਟਨ ਵੀ ਮੁਲਤਵੀ ਕਰਵਾ ਦਿੱਤਾ ਜੋ ਕਿ ਵਧੀਆ ਫ਼ੈਸਲਾ ਹੈ | ਉਨ੍ਹਾਂ ਨੇ ਦੱਸਿਆ ਕਿ ਭਾਵੇਂ ਕਿ ਸਮਾਜਿਕ ਦੂਰੀ ਦੀ ਪਾਲਨਾ ਨਹੀਂ ਕੀਤੀ ਗਈ ਪਰ ਅਸੀਂ ਕਿਸੇ ‘ਤੇ ਕੇਸ ਵੀ ਦਰਜ ਨਹੀਂ ਕੀਤਾ | ਇਸ ਸਮੇਂ ਕਮਿਊਨਿਟੀ ਦੇ ਚੁਣੇ ਹੋਏ ਨੁਮਾਇੰਦੇ ਵਿਧਾਇਕ ਦਵਿੰਦਰ ਤੂਰ ਅਤੇ ਸੰਸਦ ਮੈਂਬਰ ਜਸਰਾਜ ਸਿੰਘ ਹੱਲਣ ਵੀ ਨਵੇਂ ਸਟੋਰ ਦੇ ਖੁੱਲ੍ਹਣ ਦੀ ਖ਼ੁਸ਼ੀ ‘ਚ ਸਟੋਰ ਮਾਲਕਾਂ ਨੂੰ ਵਧਾਈ ਦੇਣ ਪਹੁੰਚੇ ਹੋਏ ਸਨ |