ਕੋਰੋਨਾ ਕਾਰਨ ਟਰੰਪ ਹੋਟਲ ਬੰਦ
ਐਬਟਸਫੋਰਡ, 31 ਅਗਸਤ (ਨਿੱਜੀ ਪੱਤਰ ਪ੍ਰੇਰਕ )
ਕੋਰੋਨਾ ਕਾਰਨ ਟਾਵਰ ਹੋਟਲ ਬੀਤੀ 4 ਅਪ੍ਰੈਲ ਨੂੰ ਆਰਜ਼ੀ ਤੌਰ ‘ਤੇ ਬੰਦ ਕੀਤਾ ਗਿਆ ਸੀ ਪਰ ਹੁਣ ਪੱਕੇ ਤੌਰ ‘ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ |ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਰਜੰਦ ਐਰਿਕ ਟਰੰਪ ਤੇ ਡੋਨਾਲਡ ਜੇ.ਆਰ. ਟਰੰਪ ਦੀ ਮਾਲਕੀ ਵਾਲੀ ਕੰਪਨੀ ਟੀ.ਏ. ਹੋਟਲ ਮੈਨੇਜਮੈਂਟ ਲਿਮਟਿਡ ਵਲੋਂ ਵੈਨਕੂਵਰ ‘ਚ ਚਲਾਏ ਜਾ ਰਹੇ ਟਰੰਪ ਇੰਟਰਨੈਸ਼ਨਲ ਹੋਟਲ ਐਡ ਟਾਵਰ ਨੂੰ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ | ‘ਸੁਪਰਡੈਂਟ ਆਫ਼ ਬੈਂਕ੍ਰਪਟੀ’ ਦੇ ਦਫ਼ਤਰ ਦੇ ਦਸਤਾਵੇਜ਼ਾਂ ਅਨੁਸਾਰ ਟੀ.ਏ. ਕੰਪਨੀ ਨੇ ਹੋਟਲ ਦੀਵਾਲੀਆ ਲਈ ਦਾਇਰ ਕੀਤਾ ਹੈ | ਟੀ.ਏ. ਹੋਟਲ ਮੈਨੇਜਮੈਂਟ ਕੰਪਨੀ ਕੁਆਲਾਲੰਪੁਰ ਦੀ ਟੀ.ਏ. ਗਲੋਬਲ ਬਰਹਾਦ ਭਾਈਵਾਲ ਹੈ, ਜਿਸ ਦੇ ਸੀ.ਈ.ਓ. ਕਿਮ ਹਨ |
ਵੈਨਕੂਵਰ ਦੀ ਜੌਰਜੀਆ ਸਟਰੀਟ ‘ਤੇ ਸਥਿਤ ਹੋਟਲ ਟਰੰਪ ਦਾ ਨਿਰਮਾਣ 2012 ਵਿਚ ਸ਼ੁਰੂ ਹੋਇਆ ਸੀ ਤੇ 28 ਫਰਵਰੀ, 2017 ਨੂੰ ਇਸ ਦਾ ਉਦਘਾਟਨ ਹੋਇਆ ਸੀ | ਇਸ ਆਲੀਸ਼ਾਨ ਹੋਟਲ ਦੀ ਇਮਾਰਤ ‘ਤੇ 36 ਕਰੋੜ ਅਮਰੀਕੀ ਡਾਲਰ ਖ਼ਰਚ ਆਇਆ ਸੀ | ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਧੀ ਇਵਾਂਕਾ ਟਰੰਪ ਹੋਟਲ ਨਿਰਮਾਣ ਵੇਲੇ 2013 ਵਿਚ ਵੈਨਕੂਵਰ ਆਏ ਸਨ ਅਤੇ ਉਦਘਾਟਨ ਮੌਕੇ ਡੋਨਾਲਡ ਟਰੰਪ ਜੂਨੀਅਰ ਤੇ ਐਰਿਕ ਟਰੰਪ ਪਹੁੰਚੇ ਸਨ | 63 ਮੰਜ਼ਿਲਾਂ ਵਾਲੇ ਇਸ ਹੋਟਲ ਵਿਚ 147 ਕਮਰੇ ਤੇ 217 ਅਪਾਰਟਮਾੈਟ ਹਨ |