ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ‘ਚ ਤਬਦੀਲੀ ਕਾਰਨ ਵਰਕ ਅਤੇ ਸਟੱਡੀ ਪਰਮਿਟ ਦੀ ਮਿਆਦ ਵਧਾਉਣ ਲਈ ਰਾਹਤ

ਟੋਰਾਂਟੋ, 18 ਜੁਲਾਈ ( ਨਿੱਜੀ ਪੱਤਰ ਪ੍ਰੇਰਕ )- ਹਾਲਾਤ ਆਮ ਵਰਗੇ ਹੋਣ ‘ਤੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ‘ਚ ਤਬਦੀਲੀ ਆਈ ਹੈ, ਜਿਸ ਤਹਿਤ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਪਰ ਕੋਵਿਡ-19 ਦੀ ਤਾਲਾਬੰਦੀ ਕਾਰਨ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿਚ ਵੀ ਕੁਝ ਸਮੇਂ ਲਈ ਰੁਕਾਵਟ ਪਈ ਸੀ ।ਇਹ ਵੀ ਕਿ ਦੇਸ਼ ਅਤੇ ਵਿਦੇਸ਼ਾਂ ‘ਚ ਲੋਕਾਂ ਨੂੰ ਆਨਲਾਈਨ ਅਪਲਾਈ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਤਾਲਾਬੰਦੀ ਕਾਰਨ ਕੈਨੇਡਾ ‘ਚ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਸੈਰ ਕਰਨ ਗਏ ਬਹੁਤ ਸਾਰੇ ਲੋਕ ਸਮੇਂ ਸਿਰ ਵਾਪਸ ਆਪਣੇ ਦੇਸ਼ਾਂ ਨੂੰ ਨਹੀਂ ਪਰਤ ਸਕੇ ਅਤੇ ਨਾ ਅਜੇ ਜਾ ਪਾ ਰਹੇ ਹਨ ਪਰ ਉਨ੍ਹਾਂ ਦੀ ਕੈਨੇਡਾ ‘ਚ ਠਹਿਰਨ ਦੀ ਮਿਆਦ (ਸਟੇਅ) ਖ਼ਤਮ ਹੋ ਚੁੱਕੀ ਹੈ।ਇਸੇ ਤਰ੍ਹਾਂ ਬਹੁਤ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੇ ਸਟੱਡੀ ਅਤੇ ਕਾਮਿਆਂ ਦੇ ਵਰਕ ਪਰਮਿਟ ਦੀਆਂ ਤਰੀਕਾਂ ਵੀ ਖ਼ਤਮ ਹੋ ਚੁੱਕੀਆਂ ਹਨ। ਪਰ ਉਹ ਕੋਵਿਡ-19 ਦੀਆਂ ਰੁਕਾਵਟਾਂ ਕਾਰਨ ਪਰਮਿਟ ਨਵਿਆਉਣ ਲਈ ਅਪਲਾਈ ਨਾ ਕਰ ਸਕੇ¢ ਕਾਨੂੰਨ ਮੁਤਾਬਿਕ ਹਰੇਕ ਵਿਦੇਸ਼ੀ ਨੇ ਆਪਣੀ ਸਟੇਅ ਦਾ ਸਮਾਂ ਖ਼ਤਮ ਹੋਣ ਤੋਂ ਪਹਿਲਾਂ ਉਸ ਨੂੰ ਵਧਾਉਣ ਵਾਸਤੇ ਅਪਲਾਈ ਕਰਨਾ ਹੁੰਦਾ ਹੈ।

ਸਟੇਅ ਖ਼ਤਮ ਹੋਣ ਤੋਂ ਬਾਅਦ 3 ਮਹੀਨਿਆਂ ਅੰਦਰ ਉਸ ਨੂੰ ਬਹਾਲ ਕਰਵਾਉਣ ਲਈ ਅਪਲਾਈ ਕਰਨਾ ਜ਼ਰੂਰੀ ਹੈ ਪਰ ਮੌਜੂਦਾ ਹਾਲਾਤਾਂ ਕਾਰਨ ਕੈਨੇਡਾ ਸਰਕਾਰ ਨੇ ਢਿੱਲ ਦਿੱਤੀ ਹੈ। ਇਮੀਗ੍ਰੇਸ਼ਨ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਨ੍ਹਾਂ ਲੋਕਾਂ ਦੇ ਆਰਜ਼ੀ ਸਟੇਅ ਅਤੇ ਪਰਮਿਟ 30 ਜਨਵਰੀ 2020 ਤੋਂ ਬਾਅਦ ਖ਼ਤਮ ਹੋਏ ਹਨ ਉਹ 31 ਦਸੰਬਰ 2020 ਤੱਕ ਆਪਣੀ ਸਟੇਅ ਦਾ ਦਰਜਾ ਬਹਾਲ ਕਰਵਾਉਣ ਵਾਸਤੇ ਅਪਲਾਈ ਕਰ ਸਕਦੇ ਹਨ। ਦਸਣਯੋਗ ਹੈ ਕਿ ਇਮੀਗ੍ਰੇਸ਼ਨ ਵਿਭਾਗ ਵਲੋਂ ਸਟੇਅ ਅਪਲਾਈ ਕਰਨ ਦੀ ਮੋਹਲਤ ਵਧਾਈ ਗਈ ਹੈ ਪਰ ਅਰਜ਼ੀ ਨਾਲ ਲਗਾਏ ਜਾਣ ਵਾਲੇ ਦਸਤਾਵੇਜ਼ਾਂ ਜਾਂ ਸਬੂਤਾਂ ‘ਚ ਰਾਹਤ ਨਹੀਂ ਦਿੱਤੀ ਗਈ |

Leave a Reply

Your email address will not be published. Required fields are marked *