ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰੋਨਾਵਾਇਰਸ ਦੇ ਟੈਸਟ ਵਿਚ ਪਾਜ਼ੇਟਿਵ

ਨਵੀਂ ਦਿੱਲੀ, 3 ਅਗਸਤ (ਨਿੱਜੀ ਪੱਤਰ ਪ੍ਰੇਰਕ )

ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਕਰੋਨਾਵਾਇਰਸ ਦੇ ਟੈਸਟ ਵਿਚ ਪਾਜ਼ੇਟਿਵ ਪਾਏ ਗਏ ਹਨ। ਡਾਕਟਰਾਂ ਦੀ ਸਲਾਹ ਉਤੇ ਉਹ ਹਸਪਤਾਲ ਦਾਖ਼ਲ ਹੋ ਗਏ ਹਨ। ਤਾਮਿਲਨਾਡੂ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ (80) ਵੀ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਨੂੰ ਹਲਕੇ ਲੱਛਣਾਂ ਕਾਰਨ ਘਰ ਵਿਚ ਹੀ ਏਕਾਂਤਵਾਸ ਹੋਣ ਲਈ ਕਿਹਾ ਗਿਆ ਹੈ। ਰਾਜ ਭਵਨ ਵਿਚ 29 ਜੁਲਾਈ ਨੂੰ ਤਿੰਨ ਜਣੇ ਕੋਵਿਡ ਪਾਜ਼ੇਟਿਵ ਪਾਏ ਗਏ ਸਨ।

ਉਹਨਾਂ ਨੇ ਇਸ ਦੀ ਜਾਣਕਾਰੀ ਆਪਣੇ ਟਵਿੱਟਰ ਹੈਂਡਲ ਉਤੇ ਦਿੱਤੀ ਹੈ। ਉਨ੍ਹਾਂ ਹਿੰਦੀ ਵਿਚ ਟਵੀਟ ਕੀਤਾ ‘ਮੈਂ ਮੁੱਢਲੇ ਲੱਛਣ ਦਿਖਣ ਮਗਰੋਂ ਕੋਵਿਡ ਟੈਸਟ ਕਰਵਾਇਆ ਤੇ ਪਾਜ਼ੇਟਿਵ ਪਾਇਆ ਗਿਆ ਹਾਂ। ਮੇਰੀ ਸਿਹਤ ਠੀਕ ਹੈ ਪਰ ਡਾਕਟਰਾਂ ਦੀ ਸਲਾਹ ਉਤੇ ਮੈਂ ਹਸਪਤਾਲ ਦਾਖ਼ਲ ਹੋ ਗਿਆ ਹਾਂ।’ ਗ੍ਰਹਿ ਮੰਤਰੀ ਨੇ ਨਾਲ ਹੀ ਅਪੀਲ ਕੀਤੀ ਕਿ ਜਿਹੜੇ ਵਿਅਕਤੀ ਪਿਛਲੇ ਕੁਝ ਦਿਨਾਂ ਦੌਰਾਨ ਉਨ੍ਹਾਂ ਦੇ ਸੰਪਰਕ ਵਿਚ ਆਏ ਹਨ, ਉਹ ਖ਼ੁਦ ਨੂੰ ਏਕਾਂਤਵਾਸ ਕਰਨ ਤੇ ਟੈਸਟ ਕਰਵਾਉਣ।

ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਸ਼ਾਹ ਪਿਛਲੀ ਕੈਬਨਿਟ ਮੀਟਿੰਗ ਵਿਚ ਹਾਜ਼ਰ ਸਨ, ਪਰ ਵਿੱਥ ਬਰਕਰਾਰ ਰੱਖਣ ਦਾ ਪੂਰਾ ਖ਼ਿਆਲ ਰੱਖਿਆ ਗਿਆ ਸੀ। ਮੀਟਿੰਗ ਵਿਚ ਸਾਰਿਆਂ ਨੇ ਮਾਸਕ ਵੀ ਪਹਿਨੇ ਹੋਏ ਸਨ। ਸੂਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਪਿਛਲੇ ਕੁਝ ਮਹੀਨਿਆਂ ਤੋਂ ਸਖ਼ਤ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ ਹੈ। ਤਾਪਮਾਨ ਮਾਪਣ ਦੇ ਨਾਲ-ਨਾਲ ਅਰੋਗਿਆ ਸੇਤੂ ਚੈੱਕ ਯਕੀਨੀ ਬਣਾਏ ਗਏ ਹਨ। ਲੋਕਾਂ ਨੂੰ ਲਿਆਉਣ ਲਈ ਰਿਹਾਇਸ਼ ਅੰਦਰਲੀਆਂ ਕਾਰਾਂ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਜ਼ਿਆਦਾਤਰ ਮੁਲਾਕਾਤ ਤੇ ਗੱਲਬਾਤ ਵੀਡੀਓ ਕਾਨਫਰੰਸ ਰਾਹੀਂ ਕਰਵਾਈ ਗਈ ਹੈ।

Leave a Reply

Your email address will not be published. Required fields are marked *