ਏ.ਟੀ.ਐਮ.’ਚੋ ਲੁਟੇਰਿਆਂ ਨੇ 14 ਲੱਖ ਦੇ ਕਰੀਬ ਰਕਮ ਲੁੱਟੀ
ਬੰਗਾ, 23 ਅਗਸਤ ( ਨਿੱਜੀ ਪੱਤਰ ਪ੍ਰੇਰਕ )
ਭਾਰਤੀ ਸਟੇਟ ਬੈਂਕ ਦੀ ਨੌਰਾ ਬ੍ਰਾਂਚ ਦੇ ਏ.ਟੀ.ਐਮ. ਨੂੰ ਗੈਸ ਕਟਰ ਨਾਲ ਕੱਟ ਕੇ ਲੁਟੇਰਿਆਂ ਨੇ ਉਸ ‘ਚੋਂ 14 ਲੱਖ ਦੇ ਕਰੀਬ ਰਕਮ ਲੁੱਟ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਪੀ. ਹੈੱਡਕੁਆਰਟਰ ਵਜ਼ੀਰ ਸਿੰਘ ਖਹਿਰਾ ਮੌਕੇ ‘ਤੇ ਪੁੱਜੇ। ਫੋਰੈਂਸਿਕ ਟੀਮਾਂ ਵਲੋਂ ਫਿੰਗਰ ਪ੍ਰਿੰਟ ਲਏ ਗਏ ਹਨ ਤੇ ਡਾਗ ਸਕੁਐਡ ਦੀ ਟੀਮ ਵਲੋਂ ਜਾਂਚ ਕੀਤੀ ਗਈ। ਪੁਲਿਸ ਵਲੋਂ ਸੀ.ਸੀ.ਟੀ.ਵੀ. ਕੈਮਰਿਆਂ ‘ਚ ਆਈ ਇਕ ਗੱਡੀ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਗੱਡੀ, ਜੋ ਬੰਗਾ ਵਲੋਂ ਆਈ ਸੀ, ਦੀ ਵੱਖ-ਵੱਖ ਪਿੰਡਾਂ ਦੇ ਕੈਮਰਿਆਂ ਦੀਆਂ ਫੁਟੇਜ ਲਈਆਂ ਗਈਆਂ ਹਨ। ਬੰਗਾ ਦੇ ਡੀ.ਐਸ.ਪੀ. ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਰਾਤ 2 ਕੁ ਵਜੇ ਦੇ ਕਰੀਬ ਨੌਰਾ ਪਿੰਡ ‘ਚ ਭਾਰਤੀ ਸਟੇਟ ਬੈਂਕ ਦੀ ਬ੍ਰਾਂਚ ‘ਚ ਚੋਰ ਗੈਸ ਕਟਰ ਨਾਲ ਏ.ਟੀ.ਐਮ. ਨੂੰ ਕੱਟ ਕੇ ਉਸ ‘ਚੋਂ ਨਕਦੀ ਲੁੱਟ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਦੋਸ਼ੀਆਂ ਨੂੰ ਜਲਦ ਫੜਨ ਲਈ ਪੁਲਿਸ ਵਲੋਂ ਯਤਨ ਜਾਰੀ ਹਨ।
ਏ.ਟੀ.ਐਮ. ‘ਚ ਰਕਮ ਪਾਉਣ ਵਾਲੇ ਮੁਕੇਸ਼ ਪੱਦੀ ਮੱਟਵਾਲੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਏ.ਟੀ.ਐਮ. ‘ਚ 8 ਲੱਖ ਰੁਪਏ ਦੀ ਰਕਮ ਪਾਈ ਗਈ ਜਦਕਿ 6 ਲੱਖ ਰੁਪਏ ਦੇ ਕਰੀਬ ਰਕਮ ਪਹਿਲਾਂ ਹੀ ਏ.ਟੀ.ਐਮ. ‘ਚ ਸੀ। ਐਫ.ਆਈ.ਐਸ. ਕੰਪਨੀ ਦੇ ਜਗਦੀਪ ਕੁਮਾਰ ਨੇ ਦੱਸਿਆ ਕਿ ਇਸ ਏ.ਟੀ.ਐਮ. ਦੀ ਲਿਮਟ 42 ਲੱਖ ਰੁਪਏ ਦੀ ਹੈ, ਜਿਸ ‘ਚੋਂ ਰੋਜ਼ਾਨਾ 15 ਲੱਖ ਦੇ ਕਰੀਬ ਰਕਮ ਲੋਕਾਂ ਵਲੋਂ ਕਢਵਾਈ ਜਾਂਦੀ ਹੈ।