ਈਰਾਨ ਨੂੰ ਅਮਰੀਕਾ ਪ੍ਰਮਾਣੂ ਹਥਿਆਰ ਹਾਸਲ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ : ਕਮਲਾ ਹੈਰਿਸ

ਸਿਆਟਲ, 28 ਅਗਸਤ (ਨਿੱਜੀ ਪੱਤਰ ਪ੍ਰੇਰਕ )

ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਜੋ ਕਿ ਅਮਰੀਕੀ ਉਪ-ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦ ਨੇ ਕਿਹਾ ਕਿ ਅਮਰੀਕਾ ਈਰਾਨ ਨੂੰ ਪ੍ਰਮਾਣੂ ਹਥਿਆਰ ਪ੍ਰਾਪਤ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ | ਉਨ੍ਹਾਂ ਕਿਹਾ ਜੇਕਰ ਅਸੀਂ ਸੱਤਾ ਵਿਚ ਆਏ ਤਾਂ ਬਾਈਡੇਨ-ਹੈਰਿਸ ਪ੍ਰਸ਼ਾਸਨ ਤਹਿਰਾਨ ਨਾਲ ਓਬਾਮਾ-ਪ੍ਰਮਾਣੂ ਸਮਝੌਤੇ ਨੂੰ ਮਜ਼ਬੂਤ ਕਰਨ ਲਈ ਸਹਿਯੋਗੀ ਸੰਗਠਨਾਂ ਨਾਲ ਕੰਮ ਕਰੇਗਾ | ਭਾਰਤੀ-ਅਫ਼ਰੀਕੀ ਅਮਰੀਕੀ ਮੂਲ ਦੀ ਕਮਲਾ ਹੈਰਿਸ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਓਬਾਮਾ ਪ੍ਰਸ਼ਾਸਨ ਨੇ ਈਰਾਨ ਦੇ ਪ੍ਰਮਾਣੂ ਹਥਿਆਰਾਂ ਦੇ ਰਸਤੇ ਰੋਕ ਦਿੱਤੇ ਸਨ, ਜਿਸ ਦੀ ਪੁਸ਼ਟੀ ਅੰਤਰਰਾਸ਼ਟਰੀ ਇੰਸਪੈਕਟਰਾਂ ਅਤੇ ਯੂ. ਐਸ. ਖ਼ੁਫ਼ੀਆ ਏਜੰਸੀ ਨੇ ਵੀ ਕੀਤੀ ਸੀ ਪਰ ਟਰੰਪ ਪ੍ਰਸ਼ਾਸਨ ਇਸ ਤੋਂ ਪਿੱਛੇ ਹਟ ਗਿਆ ਪਰ ਹੁਣ ਈਰਾਨ ਆਪਣੀ ਪ੍ਰਮਾਣੂ ਸਰਗਰਮੀਆਂ ਨੂੰ ਮੁੜ ਸੁਰਜੀਤ ਕਰ ਰਿਹਾ ਹੈ ਅਤੇ ਹੋਰ ਤਕੜਾ ਹੋ ਰਿਹਾ ਹੈ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ | ਅਸੀਂ ਇਹ ਯਕੀਨੀ ਬਣਾਉਣਾ ਜਾਰੀ ਰੱਖਾਂਗੇ ਕਿ ਇਜ਼ਰਾਈਲ ਨੂੰ ਸੰਯੁਕਤ ਰਾਜ ਦਾ ਅਟੁੱਟ ਸਮਰਥਨ ਪ੍ਰਾਪਤ ਹੁੰਦਾ ਰਹੇ | ਕਮਲਾ ਹੈਰਿਸ ਇਕ ਫ਼ੰਡ ਰੇਜਿੰਗ ਸਮਾਗਮ ਸਮੇਂ ਬੋਲ ਰਹੀ ਸੀ |

ਇਸ ਮੌਕੇ ਹੈਰਿਸ ਨੇ ਮੰਨਿਆ ਕਿ ਅਮਰੀਕਾ ਆਪਣੇ ਸਹਿਯੋਗੀ ਦੇਸ਼ਾਂ ਨਾਲੋਂ ਅਲੱਗ ਹੋਇਆ ਹੈ, ਜਿਸ ਲਈ ਰਾਸ਼ਟਰਪਤੀ ਟਰੰਪ ਜ਼ਿੰਮੇਵਾਰ ਹਨ | ਉਨ੍ਹਾਂ ਕਿਹਾ ਟਰੰਪ ਪ੍ਰਸ਼ਾਸਨ ਈਰਾਨ ਦੇ ਖ਼ਿਲਾਫ਼ ਹਥਿਆਰਬੰਦ ਰੋਕ ਦੇ ਮੁੱਦੇ ਨੂੰ ਹਾਲ ਹੀ ਵਿਚ (ਸੰਯੁਕਤ ਰਾਸ਼ਟਰ) ਸੁਰੱਖਿਆ ਪ੍ਰੀਸ਼ਦ ਕੋਲ ਲੈ ਕੇ ਗਏ, ਜਿੱਥੇ ਸਿਰਫ਼ ਇਕ ਹੋਰ ਦੇਸ਼ ਨੇ ਸਾਡੇ ਨਾਲ ਵੋਟ ਪਾਈ | ਇਹ ਸ਼ਾਇਦ ਪਹਿਲੀ ਵਾਰ ਹੋਇਆ ਕਿ ਅਮਰੀਕਾ ਨਾਲ ਸਿਰਫ਼ ਇਕ ਦੇਸ਼ ਨੇ ਵੋਟ ਪਾਈ | ਉਨ੍ਹਾਂ ਕਿਹਾ ਕਿ ਸਾਡਾ ਪ੍ਰਸ਼ਾਸਨ ਈਰਾਨ ਨੂੰ ਜਵਾਬਦੇਹ ਠਹਿਰਾਏਗਾ ਅਤੇ ਜੇਕਰ ਈਰਾਨ ਪਾਲਣਾ ਕਰੇਗਾ ਤਾਂ ਇਕ ਕੂਟਨੀਤਕ ਸਮਝੌਤੇ ਵਿਚ ਦੁਬਾਰਾ ਸ਼ਾਮਿਲ ਕੀਤਾ ਜਾ ਸਕਦਾ ਹੈ |

Leave a Reply

Your email address will not be published. Required fields are marked *