ਅਮਰੀਕਾ ‘ਚ ਕਿਸੇ ਤਰ੍ਹਾਂ ਦੀ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਡੋਨਾਲਡ ਟਰੰਪ

ਸਿਆਟਲ, 1 ਸਤੰਬਰ (ਨਿੱਜੀ ਪੱਤਰ ਪ੍ਰੇਰਕ )

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ‘ਤਾਕਤ’ ਹੀ ਗੜਬੜ ਅਤੇ ਹਿੰਸਾ ਨਾਲ ਨਜਿੱਠਣ ਦਾ ਇਕੋ-ਇਕ ਰਸਤਾ ਹੈ | ਰਾਸ਼ਟਰਪਤੀ ਟਰੰਪ ਨੇ ਨਸਲੀ ਵਿਰੋਧ ਪ੍ਰਦਰਸ਼ਨਾਂ ਖ਼ਿਲਾਫ਼ ਇਸ ਸਮੇਂ ਸਖ਼ਤ ਰੁਖ ਅਪਣਾਇਆ ਹੈ | ਟਰੰਪ ਨੇ ਕਿਹਾ ਕਿ ਅਮਰੀਕਾ ‘ਚ ਕਿਸੇ ਵੀ ਤਰ੍ਹਾਂ ਦੀ ਗੜਬੜ ਤੇ ਹਿੰਸਾ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਟਰੰਪ ਨੇ ਕੱਲ੍ਹ ਪੋਰਟਲੈਂਡ ਵਿਖੇ ਹੋਈ ਹਿੰਸਾ ਦੀ ਵੀ ਨਿੰਦਾ ਕੀਤੀ ਤੇ ਡੈਮੋਕ੍ਰੇਟਸ ਦੇ ਮੇਅਰ ਟੇਡ ਵੀਲਰ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਸ਼ਹਿਰ ‘ਚ ਅਤੇ ਸੂਬੇ ‘ਚ ਜੁਰਮ ਲਗਾਤਾਰ ਵੱਧ ਰਿਹਾ ਹੈ | ਟਰੰਪ ਨੇ ਮੇਅਰ ਨੂੰ ਅਪੀਲ ਕੀਤੀ ਕਿ ਸ਼ਹਿਰ ‘ਚ ਅਮਨ ਕਾਨੂੰਨ ਲਾਗੂ ਕੀਤਾ ਜਾਵੇ ਅਤੇ ਸੰਘੀ ਕਾਨੂੰਨ ਲਾਗੂ ਕਰਨ ‘ਚ ਸਹਾਇਤਾ ਕੀਤੀ ਜਾਵੇ | ਉਨ੍ਹਾਂ ਕਿਹਾ ਪੋਰਟਲੈਂਡ ਦੇ ਲੋਕ ਸ਼ਹਿਰ ‘ਚ ਅਮਨ-ਕਾਨੂੰਨ ਤੇ ਸ਼ਾਂਤੀ ਚਾਹੁੰਦੇ ਹਨ, ਜਿਸ ਨੂੰ ਬਹਾਲ ਕਰਨਾ ਮੇਅਰ ਦਾ ਕੰਮ ਹੈ | ਟਰੰਪ ਨੇ ਇਹ ਵੀ ਕਿਹਾ ਕਿ ਡੈਮੋਕ੍ਰੇਟਸ ਨਸਲਵਾਦ ਦੇ ਪ੍ਰਦਰਸ਼ਨਾਂ ਨੂੰ ਹਵਾ ਦੇ ਰਹੇ ਹਨ |

ਉੱਧਰ ਡੈਮੋਕ੍ਰੇਟਸ ਦੇ ਸੀਨੀਅਰ ਲੀਡਰਾਂ ਨੇ ਦੋਸ਼ ਲਗਾਇਆ ਕਿ ਟਰੰਪ ਜਿੱਥੇ ਵੀ ਦੌਰਾ ਕਰਦੇ ਹਨ, ਉੱਥੇ ਮਾਹੌਲ ਹੋਰ ਖ਼ਰਾਬ ਹੋ ਜਾਂਦਾ ਹੈ | ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਸ ਪਾਰਟੀ ਦੇ ਉਮੀਦਵਾਰ ਜੋ ਬਾਈਡਨ ਨੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਦਾ ਬਚਾਅ ਕਰਦਿਆਂ ਕਿਹਾ ਕਿ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਾ ਸਾਰਿਆਂ ਦਾ ਹੱਕ ਹੈ ਪਰ ਹਿੰਸਾ ਨਹੀਂ ਹੋਣੀ ਚਾਹੀਦੀ | ਬਾਈਡਨ ਨੇ ਵੀ ਟਰੰਪ ‘ਤੇ ਦੋਸ਼ ਲਗਾਇਆ ਕਿ ਉਹ ਆਪਣੀ ਚੋਣ ਮੁਹਿੰਮ ਨੂੰ ਲਾਭ ਪਹੁੰਚਾਉਣ ਲਈ ਦੇਸ਼ ‘ਚ ਨਸਲੀ ਹਿੰਸਾ ਨੂੰ ਉਤਸ਼ਾਹਿਤ ਕਰ ਰਹੇ ਹਨ |

Leave a Reply

Your email address will not be published. Required fields are marked *